ਜਦੋਂ ਸੱਚੇ ਦਿਲੋਂ ਸਿਦਕ ਧਾਰ ਕੇ ਮਿਹਨਤ ਦਾ ਲੜ ਫੜਿਆ ਹੋਵੇ ਤਾਂ ਉਹ ਬੰਦੇ ਨੂੰ ਕਿਸੇ ਨਾ ਕਿਸੇ ਮੁਕਾਮ ਤੇ ਲਿਆ ਖੜ੍ਹਾਉਂਦੀ ਹੈ। ਇਹੋ ਕਥਨ ਜੇਕਰ ਤਰਨਤਾਰਨ ਜਿਲ੍ਹੇ ਦੇ ਪਿੰਡ ਮੰਨਣ ‘ਚ ਸੰਨ 1987 ਨੂੰ ਇੱਕ ਮਜਦੂਰ ਬਰਿਆਮ ਸਿੰਘ ਦੇ ਘਰ ਪੈਦਾ ਹੋਏ ਮਾਣਮੱਤੇ ਨੌਜਵਾਨ ਲੇਖਕ ਚਰਨ ਲਿਖਾਰੀ ਲਈ ਵਰਤਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇੱਕ ਭੈਣ ਅਤੇ ਤਿੰਨ ਭਰ੍ਹਾਵਾਂ ਦੀ ਅੰਮੀ ਜਾਏ ਚਰਨ ਨੂੰ ਘਰ ਦੀ ਗਰੀਬੀ ਕਾਰਨ ਚਾਰ ਜਮਾਤਾਂ ਪੜ੍ਹ ਕੇ ਭਾਵੇਂ ਸਕੂਲੀ ਪੜ੍ਹਾਈ ਵਿੱਚੇ ਹੀ ਛੱਡਣੀ ਪਈ, ਪਰ ਉਸਨੇ ਸਾਹਿਤ ਪੜ੍ਹਨ ‘ਤੇ ਲਿਖਣ ਦੇ ਆਪਣੇ ਸ਼ੌਕ ਨੂੰ ਕਦੇ ਮਰਨ ਨਾ ਦਿੱਤਾ। ਉਹ ਦੱਸਦਾ ਹੈ ਕਿ ਉਸਨੇ ਬਾਬਾ ਫਰੀਦ, ਬੁੱਲੇ ਸ਼ਾਹ, ਸ਼ਾਹ ਮੁਹੰਮਦ, ਵਾਰਿਸ ਸ਼ਾਹ, ਸ਼ਿਵ ਕੁਮਾਰ ਬਟਾਲਵੀ, ਅਤੇ ਸੁਰਜੀਤ ਪਾਤਰ ਵਰਗੇ ਸ਼ਾਇਰਾਂ ਦੀਆਂ ਰਚਨਾਵਾਂ ਪੜ੍ਹੀਆਂ ਹਨ। ਇਹਨਾਂ ਵਿੱਚੋਂ ਉਹ ਸ਼ਿਵ ਤੋਂ ਤਾਂ ਪ੍ਰਭਾਵਿਤ ਹੈ ਹੀ ਤੇ ਇਸ ਤੋਂ ਇਲਾਵਾ ਵਾਰਿਸ ਸ਼ਾਹ ਤੋਂ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਉਸ ਦੀ ਬਾਂਹ ਤੇ ਲਿਖੇ ਵਾਰਿਸ ਸ਼ਾਹ ਦੇ ਨਾਮ ਤੋਂ ਸੁਭਾਗੇ ਹੀ ਲਗਾਇਆ ਜਾ ਸਕਦਾ ਹੈ। ਸ਼ਾਇਦ ਇਸੇ ਕਰਕੇ ਹੀ ਉਸਦੀ ਰਚਨਾ ਤੋਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਪੁਰਾਣੇ ਸਮੇਂ ਦਾ ਲਿਖਾਰੀ ਹੋਵੇ।
ਗੰਭੀਰ ਚਿਹਰੇ, ਨੇਕ ਦਿਲ,ਅਤੇ ਅਤਿ ਹਲੀਮੀ ਭਰ੍ਹੇ ਸਲੂਕ ਦਾ ਮਾਲਕ ਇਹ ਲਿਖਾਰੀ ਜਦ ਵਾਰਿਸ ਦੀ ਹੀਰ ਨੂੰ ਉਸਦੇ ਅਸਲੀ ਰਾਗ ‘ਚ ਗਾਉਂਦਾ ਹੈ ਤਾਂ ਇਉਂ ਲਗਦੈ ਜਿਵੇਂ ਕੋਈ ਫਕੀਰ ਮੌਜ ਵਿੱਚ ਆ ਕੇ ਗਾ ਰਿਹਾ ਹੋਵੇ। ਜ਼ਿੰਦਗੀ ਦੀ ਗੱਡੀ ਨੂੰ ਧੱਕਾ ਲਾਉਣ ਲਈ ਚਰਨ ਨੇ ਹਾਲਾਤਾਂ ਨਾਲ ਦੋ-ਚਾਰ ਕਰਦਿਆਂ ਕਦੇ ਮੰਡੀਆਂ ਚ ਕੰਮ ਕੀਤਾ,ਕਦੇ ਨੀਲ ਵੇਚ ਕੇ ਉਜਰਤ ਕਮਾਈ ਤੇ ਅਜਕੱਲ ਉਹ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਸਫਾਈ ਕਰਮਚਾਰੀ ਵਜੋਂ ਕੰਮ ਕਰ ਰਿਹਾ ਹੈ।
ਇਸ ਦੇ ਨਾਲ ਹੀ ਲਿਖਣ ਤੇ ਪੜ੍ਹਨ ਦਾ ਸਫਰ ਜਾਰੀ ਰਿਹਾ ਤੇ ਉਸਦੀਆਂ ਆਸਾਂ ਨੂੰ ਬੂਰ ਉਦੋਂ ਪੈਣਾ ਸ਼ੁਰੂ ਹੋਇਆ ਜਦੋਂ ਸੰਨ 2002 ਵਿੱਚ ਉਸ ਦੀ ਕਲਮ ਦੁਆਰਾ ਲਿਖਿਆ ਗੀਤ ‘ਪੰਜਾਬ’ ਕਮਲ ਹੀਰ ਦੀ ਆਵਾਜ਼ ‘ਚ ਰਿਕਾਰਡ ਹੋਇਆ। ਇਸ ਤੋਂ ਬਾਅਦ ਵਾਰਿਸ ਭਰ੍ਹਾਵਾਂ ਨੇ ਚਰਨ ਦੇ ਹੋਰ ਵੀ ਗੀਤ ਗਾਏ। ਉਹ ਦੱਸਦਾ ਹੈ ਕਿ ਉਸਦੇ ਨਾਮ ਪਿਛਲਾ ਸ਼ਬਦ ‘ਲਿਖਾਰੀ’ ਵੀ ਮਨਮੋਹਣ ਵਾਰਿਸ ਨੇ ਹੀ ਦਿੱਤਾ ਸੀ। ਫਿਰ 2012 ਵਿੱਚ ਆਏ ਉਸਦੇ ਗੀਤ ‘ਜੱਟ ਦੀ ਅਕਲ’ ਨੇ ਜਿੱਥੇ ਚਰਨ ਲਿਖਾਰੀ ਦੇ ਨਾਮ ਨੂੰ ਹੁਲਾਰਾ ਦਿੱਤਾ,ਉੱਥੇ ਰਣਜੀਤ ਬਾਵੇ ਦਾ ਨਾਂ ਵੀ ਨਾਮਵਰ ਗਾਇਕਾਂ ਦੀ ਕਤਾਰ ‘ਚ ਲੈ ਆਂਦਾ। ਇਸ ਤੋਂ ਇਲਾਵਾ ਉਸਦੇ ਗੀਤਾਂ ਨੂੰ ਗਾਇਕ ਧੀਰਾ ਗਿੱਲ, ਬਾਲੀ ਢਿੱਲੋਂ,ਅਬਰਾਹਿਮ ਅਤੇ ਅਮਰਿੰਦਰ ਗਿੱਲ ਨੇ ਵੀ ਆਪਣੀ ਆਵਾਜ਼ ਦਿੱਤੀ। ਆਉਣ ਵਾਲੇ ਸਮੇਂ ਵਿੱਚ ਵੀ ਚਰਨ ਦੇ ਗੀਤ ਧੀਰਾ ਗਿੱਲ ਬਾਲੀ ਢਿੱਲੋਂ, ਅਤੇ ਹੋਰ ਗਾਇਕਾਂ ਦੀ ਆਵਾਜ਼ ‘ਚ ਸੁਣਨ ਨੂੰ ਮਿਲਣਗੇ।
ਇੱਕ ਚੰਗਾ ਲਿਖਾਰੀ ਅਤੇ ਪ੍ਰਸਿੱਧੀ ਭਰਪੂਰ ਹੋਣ ਦੇ ਬਾਵਜ਼ੂਦ ਵੀ ਚਰਨ ਦੀ ਆਰਥਿਕ ਹਾਲਤ ਜਿਉਂ ਦੀ ਤਿਉਂ ਹੈ । ਭਾਵੇਂ ਅੱਜ ਪੰਜਾਬ ‘ਚ ਸਾਹਿਤ ਪ੍ਰੇਮੀਆਂ,ਸੰਸਥਾਵਾਂ ਅਤੇ ਗਾਉਣ ਵਾਲਿਆਂ ਦੀ ਭਰਮਾਰ ਹੈ ਪਰ ਚਰਨ ਦੀ ਆਰਥਿਕਤਾ ਕਿਸੇ ਨੂੰ ਵੀ ਨਜ਼ਰੀਂ ਨਹੀਂ ਪੈਂਦੀ। ਇਨਸਾਨੀਅਤ ਅਤੇ ਪੰਜਾਬੀਆਂ ਦੀ ਅਣਖ ਉੱਪਰ ਇਸ ਤੋਂ ਵਧ ਕੇ ਕਾਲਖ ਕੀ ਹੋ ਸਕਦੀ ਹੈ। ਪਰਮਾਤਮਾ ਅੱਗੇ ਦੁਆ ਹੈ ਕਿ ਪੰਜਾਬੀ ਦੇ ਇਸ ਅਸਲ ਲਿਖਾਰੀ ਨੂੰ ਤੱਤੀ ਵਾ ਨਾ ਲੱਗੇ ਤੇ ਪੰਜਾਬੀ ਮਾਂ-ਬੋਲੀ ਦੇ ਗਲ਼ ਪਿਆ ਇਹ ਹੀਰੇ ਦਾ ਹਾਰ ਇਸੇ ਤਰ੍ਹਾਂ ਹੀ ਲਿਸ਼ਕਦਾ ਰਹੇ।
ਹਰਵਿੰਦਰ ਅਖਾੜਾ
ਫੋਨ-99140-21647