ਪਿਛਲੇ ਕਾਫੀ ਲੰਮੇਂ ਸਮੇਂ ਤੋਂ ਤੰਗੀ ਤੁਰਸੀ ਭਰਿਆ ਜੀਵਨ ਜੀਅ ਰਹੇ ਪੰਜਾਬੀ ਸਿਨੇਮਾ ਜਗਤ ਤੇ 1980 ਤੋਂ 1990 ਤੱਕ ਰਾਜ ਕਰਨ ਵਾਲੇ ਸਤੀਸ਼ ਕੌਲ ਹੁਣ ਫਿਰ ਪੰਜਾਬੀ ਫਿਲਮਾਂ 'ਚ ਨਜ਼ਰ ਆਉਣਗੇ। ਪਿਛਲੇ ਲੰਮੇਂ ਸਮੇਂ ਤੋਂ ਕੰਮ ਨਾ ਮਿਲਣ ਕਰਕੇ ਗੁਮਨਾਮੀ ਭਰਿਆ ਜੀਵਨ ਜੀਅ ਰਹੇ ਸਤੀਸ਼ ਕੌਲ ਹੁਣ 'ਫੇਰ ਮਾਮਲਾ ਗੜਬੜ ਗੜਬੜ' ਫਿਲਮ ਰਾਹੀਂ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ। ਲਗਭਗ 150 ਪੰਜਾਬੀ ਤੇ ਹਿੰਦੀ ਫਿਲਮਾਂ 'ਚ ਕੰਮ ਕਰ ਚੁੱਕੇ ਸਤੀਸ਼ ਕੌਲ ਦੇਵ ਆਨੰਦ, ਦਲੀਪ ਕੁਮਾਰ ਤੇ ਸ਼ਾਹਰੁਖ ਖਾਨ ਵਰਗੇ ਬਾਲੀਵੁੱਡ ਦੇ ਨਾਮਵਰ ਕਲਕਾਰਾਂ ਨਾਲ ਕੰਮ ਕਰ ਚੁੱਕੇ ਹਨ। ਪੰਜਾਬੀ ਫਿਲਮਾਂ 'ਚ ਉਨ੍ਹਾਂ ਦੀ ਜੋੜੀ ਸਭ ਤੋਂ ਜ਼ਿਆਦਾ ਮਰਹੂਮ ਵਰਿੰਦਰ ਨਾਲ ਬਹੁਤ ਮਸ਼ਹੂਰ ਸੀ।
ਪਿਛਲੇ ਲੰਮੇਂ ਸਮੇਂ ਤੋਂ ਪੰਜਾਬੀ ਫਿਲਮਾਂ ਦਾ ਇਹ ਹੀਰਾ ਕੰਮ ਨਾ ਮਿਲਣ ਕਰਕੇ ਅਖ਼ਬਾਰਾਂ ਜਰੀਏ ਆਪਣਾ ਦੁਖੜਾ ਬਿਆਨ ਕਰਦਾ ਰਿਹਾ। ਕੁਝ ਸਮਾਜਿਕ ਜੱਥੇਬੰਦੀਆਂ ਨੇ ਇਨ੍ਹਾਂ ਦੀ ਮਦਦ ਕੀਤੀ ਪਰ ਹੁਣ ਇਹ ਹੀਰਾ ਪੰਜਾਬੀ ਫਿਲਮਾਂ 'ਚ ਫਿਰ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰ ਰਿਹਾ ਹੈ। ਇਸ ਫਿਲਮ 'ਚ ਸਤੀਸ਼ ਕੌਲ ਦੇ ਨਾਲ ਪੰਜਾਬੀ ਫਿਲਮਾਂ ਦੇ ਕਈ ਨਵੇਂ ਤੇ ਪੁਰਾਣੇ ਚਿਹਰੇ ਵੀ ਨਜ਼ਰ ਆਉਣਗੇ। ਫਿਲਮ 'ਚ ਉਨ੍ਹਾਂ ਨਾਲ ਸ਼ਵਿੰਦਰ ਮਾਹਲ, ਸੁਨੀਤਾ ਧੀਰ, ਬੀਐਨ ਸ਼ਰਮਾ, ਨਿਸ਼ਾ ਬਾਨੋ, ਰੌਸ਼ਨ ਪ੍ਰਿੰਸ, ਜਪਜੀ ਖਹਿਰਾ, ਭਾਨੂੰ ਸ਼ਰਮਾ, ਰਾਣਾ ਰਣਬੀਰ ਤੇ ਹੋਰ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਫਿਲਮ ਦੇ ਡਾਇਰੈਕਟ ਰਿੰਪੀ ਪ੍ਰਿੰਸ ਹਨ, ਪੀਟੀਸੀ ਪੰਜਾਬੀ ਫਿਲਮ ਦੇ ਪ੍ਰੋਡਿਊਸਰ ਹਨ। ਗੀਤ ਸੰਗੀ ਜੱਗੀ ਸਿੰਘ ਦਾ ਹੈ ਤੇ ਗੀਤਾਂ ਨੂੰ ਆਪਣੀ ਅਵਾਜ਼ ਦਿੱਤੀ ਹੈ, ਰੌਸ਼ਨ ਪ੍ਰਿੰਸ, ਮਾਸਟਰ ਸਲੀਮ, ਸੋਨੂੰ ਕੱਕੜ, ਕਮਾਲ ਖਾਨ, ਜੱਗੀ ਸਿੰਘ, ਕਰਮਜੀਤ ਅਨਮੋਲ ਤੇ ਸੁਦੇਸ਼ ਕੁਮਾਰੀ ਨੇ। ਫਿਲਮ ਜੁਲਾਈ ਮਹੀਨੇ 'ਚ ਰਿਲੀਜ ਹੋਵੇਗੀ।
ਸੰਦੀਪ ਜੈਤੋਈ