ਹਾਲੈਂਡ ਤੋਂ ਪ੍ਰਸਾਰਿਤ ਹੁੰਦੇ ਰੇਡੀਓ 'ਸੱਚ ਦੀ ਗੂੰਜ' ਵੱਲੋਂ ਗਾਇਕ ਰਣਜੀਤ ਬਾਵਾ ਨੂੰ ਲੋਕ ਕਚਿਹਰੀ ਵਿਚ ਪੇਸ਼ ਕੀਤਾ ਗਿਆ। 'ਜੱਟ ਦੀ ਅਕਲ', 'ਸਾਡੀ ਵਾਰੀ ਆਉਣ ਦੇ' ਵਰਗੇ ਅਰਥ ਭਰਪੂਰ ਗੀਤ ਗਾਉਣ ਵਾਲੇ ਇਸ ਗਾਇਕ ਵੱਲੋਂ ਬੀਤੇ ਦਿਨੀਂ 'ਨੈਰੋ ਸਲਵਾਰ' ਨਾਂ ਦਾ ਗੀਤ ਗਾਏ ਜਾਣ ਕਾਰਨ ਪੰਜਾਬੀ ਸੱਭਿਆਚਾਰ ਨਾਲ ਮੋਹ ਰੱਖਣ ਵਾਲੇ ਲੋਕਾਂ ਵਿਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਸੀ। ਰੇਡੀਓ ਦੇ ਸੰਚਾਲਕ ਅਤੇ ਪੇਸ਼ਕਾਰ ਹਰਜੋਤ ਸੰਧੂ ਨੇ ਰਣਜੀਤ ਬਾਵਾ ਦੇ ਨਿੱਜੀ ਮੋਬਾਈਲ ਫੋਨ 'ਤੇ ਕਾਲ ਕਰਕੇ ਰੇਡੀਓ ਰਾਹੀਂ ਸ੍ਰੋਤਿਆਂ ਦੇ ਸਾਹਮਣੇ ਇਸ ਗੀਤ ਬਾਰੇ ਪੱਖ ਰੱਖਣ ਲਈ ਕਿਹਾ। ਇਸ ਸਮੇਂ ਰਣਜੀਤ ਬਾਵਾ ਨਾਲ ਸਵਾਲ ਜਵਾਬ ਕਰਦਿਆਂ ਲੇਖਕ ਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਨੇ ਰਣਜੀਤ ਬਾਵਾ ਨੂੰ ਉਨ੍ਹਾਂ ਦੇ ਪੁਰਾਣੇ ਗੀਤਾਂ ਬਾਰੇ ਸਾਬਾਸ਼ ਦਿੰਦਿਆਂ ਬੀਤੇ ਦਿਨੀਂ ਆਏ ਗੀਤ 'ਨੈਰੋ ਸਲਵਾਰ' ਵਰਗੀ ਘਟੀਆ ਸ਼ਬਦਾਵਲੀ ਲਈ ਆਪਣਾ ਰੋਸ ਦਲੀਲਾਂ ਰਾਹੀਂ ਸਾਂਝਾ ਕੀਤਾ। ਜਿਸ ਉਪਰੰਤ ਗਾਇਕ ਰਣਜੀਤ ਬਾਵਾ ਨੇ ਰੇਡੀਓ 'ਸੱਚ ਦੀ ਗੂੰਜ' ਦੇ ਮੰਚ ਤੋਂ ਇਹ ਕਹਿ ਕੇ ਮੁਆਫੀ ਮੰਗੀ ਕਿ ਉਕਤ ਗੀਤ ਡੇਢ ਦੋ ਸਾਲ ਪਹਿਲਾਂ ਗਾਇਆ ਸੀ ਅਤੇ ਹੁਣ ਕੰਪਨੀ ਨੇ ਉਕਤ ਗੀਤ ਬਿਨਾਂ ਦੱਸੇ ਮਾਰਕੀਟ ਵਿਚ ਉਤਾਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਇਕ ਕਲਾਕਾਰ ਵਜੋਂ ਵਿਚਰਦਿਆਂ ਕੁਝ ਲੋਕਾਂ ਦੇ ਅਹਿਸਾਨ ਕਰਕੇ ਉਹ ਇਸ ਗੀਤ ਨੂੰ ਮਾਰਕੀਟ ਵਿਚ ਆਉਣੋਂ ਰੋਕ ਨਹੀਂ ਸਕੇ। ਜਦੋਂ ਬਲਜਿੰਦਰ ਸਿੰਘ ਮੋਰਜੰਡ (ਮੀਤ ਪ੍ਰਧਾਨ ਸ੍ਰੋਮਣੀ ਗੁ: ਪ੍ਰਬੰਧਕ ਕਮੇਟੀ ਰਾਜਸਥਾਨ), ਭਾਈ ਰਛਪਾਲ ਸਿੰਘ ਖਾਲਸਾ (ਕਡਿਆਣਾ ਢਾਡੀ ਜੱਥਾ), ਸਰਦੂਲ ਸਿੰਘ ਬਾਸੀ ਅਮਰੀਕਾ, ਸੀਨੀਅਰ ਪੱਤਰਕਾਰ ਮੇਜਰ ਸਿੰਘ, ਲੇਖਕ ਮਨਦੀਪ ਸੁੱਜੋਂ ਆਸਟਰੇਲੀਆ ਆਦਿ ਸੂਝਵਾਨ ਸ੍ਰੋਤਿਆਂ ਨੇ ਸਵਾਲ ਕੀਤਾ ਕਿ ਜੇਕਰ ਕੱਲ• ਨੂੰ ਅਹਿਸਾਨ ਦੇ ਨਾਂ ਹੇਠ ਸਲਵਾਰ ਤੋਂ ਵੀ ਅੱਗੇ ਦੀ ਘਟੀਆ ਸ਼ਬਦਾਵਲੀ ਗਾਉਣੀ ਪਵੇ ਤਾਂ ਕੀ ਗਾ ਦੇਵੋਗੇ? ਤਾਂ ਰਣਜੀਤ ਬਾਵਾ ਨੇ ਅੱਗੇ ਤੋਂ ਆਪਣੇ ਚਾਹੁਣ ਵਾਲਿਆਂ ਨਾਲ ਵਾਅਦਾ ਕੀਤਾ ਕਿ ਉਹ ਅਜਿਹਾ ਕੋਈ ਵੀ ਸ਼ਬਦ ਬੋਲਣ ਤੋਂ ਗੁਰੇਜ਼ ਕਰੇਗਾ, ਜੋ ਉਸਦੇ ਆਪਣੇ ਪਰਿਵਾਰ 'ਚ ਵੀ ਨਾ ਸੁਣਨਯੋਗ ਹੋਵੇ। ਇਸ ਤੋਂ ਬਾਅਦ ਉਸਨੇ ਉਕਤ ਗੀਤ ਗਾਉਣ ਨੂੰ ਗਲਤੀ ਮੰਨਦਿਆਂ ਆਪਣੇ ਫੇਸਬੁੱਕ ਪੇਜ 'ਤੇ ਵੀ ਮੁਆਫੀ ਮੰਗੀ।
ਸਰੋਤ : ਜਗਬਾਣੀ