ਚੰਡੀਗੜ੍ਹ: ਨਾਮਵਰ ਅਦਾਕਾਰ ਤੇ ਫਿਲਮ ਲੇਖਕ ਰਾਣਾ ਰਣਬੀਰ ਦੀ ਕਾਵਿ ਪੁਸਤਕ 'ਕਿਣ ਮਿਣ ਤਿੱਪ ਤਿੱਪ' ਅੱਜ ਇੱਥੇ ਮੈਰੀਅਟ ਹੋਟਲ ਵਿੱਚ ਹੋਏ ਸਮਾਗਮ ਦੌਰਾਨ ਪਾਠਕਾਂ ਦੇ ਰੂਬਰੂ ਕੀਤੀ। ਇਸ ਮੌਕੇ 'ਤੇ ਫਿਲਮ ਉਦਯੋਗ ਨਾਲ ਜੁੜੀਆਂ ਸ਼ਖਸ਼ੀਅਤਾਂ ਤੋਂ ਇਲਾਵਾ ਸਾਹਿਤਕ ਖੇਤਰ ਦੇ ਨੁਮਾਇੰਦੇ ਵੀ ਮੌਜੂਦ ਸਨ। ਜਿੰਨ੍ਹਾਂ 'ਚ ਸ਼ਾਇਰ ਦਰਸ਼ਨ ਦਰਵੇਸ਼, ਡਾ. ਸੁਰਜੀਤ ਸਿੰਘ, ਖੇਡ ਲੇਖਕ ਡਾ. ਸੁਖਦਰਸ਼ਨ ਸਿੰਘ ਚਹਿਲ, ਦਰਸ਼ਨ ਔਲਖ, ਬਲਜਿੰਦਰ ਜੌੜਕੀਆਂ, ਗੁਰਵਿੰਦਰ ਸੰਧੂ, ਅਦਾਕਾਰ ਗੁਰਲੀਨ ਚੋਪੜਾ, ਅਮਨ ਧਾਲੀਵਾਲ ਤੇ ਦਵਿੰਦਰਪਾਲ ਕੌਰ ਵੀ ਮੌਜੂਦ ਸਨ। ਰਾਣਾ ਦੀ ਇਹ ਦੂਸਰੀ ਕਾਵਿ ਪੁਸਤਕ ਹੈ। ਸ੍ਰੀ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਪੁਸਤਕ 'ਚ ਰਾਣਾ ਰਣਬੀਰ ਦੇ ਸੁਭਾਅ ਵਰਗੀ ਸ਼ਾਇਰੀ ਹੈ। ਜਿਹੜੀ ਕਿ ਅਸਿੱਧੇ ਢੰਗ ਨਾਲ ਸਮਾਜ ਦੀਆਂ ਕੁਰੀਤੀਆਂ ਨੂੰ ਪਾਠਕਾਂ ਦੇ ਮਨਾਂ ਤੱਕ ਪਹੁੰਚਣ 'ਚ ਕਾਮਯਾਬ ਹੋਵੇਗੀ।
ਉਨ੍ਹਾਂ ਕਿਹਾ ਕਿ ਰਾਣੇ ਦੇ ਸ਼ਾਇਰ ਮਨ ਦੇ ਦਰਸ਼ਨ ਉਹ ਫਿਲਮੀ ਸੰਵਾਦਾਂ 'ਚ ਵੀ ਕਰ ਚੁੱਕੇ ਹਨ ਅਤੇ ਹੁਣ ਪੁਸਤਕ ਰੂਪ 'ਚ ਉਸ ਦੀ ਸਮੁੱਚੀ ਸ਼ਾਇਰੀ ਦਾ ਆਨੰਦ ਮਾਣਨਾ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੋਵੇਗੀ। ਦਰਸ਼ਨ ਦਰਵੇਸ਼ ਨੇ ਕਿਹਾ ਕਿ ਪੰਜਾਬੀ ਕਵਿਤਾ 'ਚ ਅਸਲੋ ਵੱਖਰੇ ਮੁਹਾਵਰੇ ਅਤੇ ਵਿਅੰਗਆਤਮਕ ਸ਼ਾਇਰੀ ਦੀ ਕਾਵਿ ਕਿਤਾਬ ਹੈ ਜਿਸ ਨਾਲ ਰਾਣਾ ਰਣਬੀਰ ਦੇ ਅੰਦਰਲੇ ਕਵੀ ਮਨ 'ਚ ਛੁਪੀ ਸਮਾਜ ਪ੍ਰਤੀ ਚੇਤਨਾ ਨੂੰ ਰੂਪਮਾਨ ਕੀਤਾ ਗਿਆ। ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਪੁਸਤਕ ਦੇ ਨਾਮ 'ਕਿਣ ਕਿਣ ਤਿੱੱਪ ਤਿੱਪ' ਅਨੁਸਾਰ ਜਿੱਥੇ ਰਾਣੇ ਦੀਆਂ ਛੋਟੀਆਂ-ਛੋਟੀਆਂ ਕਵਿਤਾਵਾਂ ਵੀ ਸਾਉਣ ਦੀ ਫੁਹਾਰ ਵਾਂਗ ਸਾਡੇ ਤੱਕ ਪਹੁੰਚਦੀਆਂ ਤਾਂ ਹਨ ਪਰ ਉਨ੍ਹਾਂ 'ਚ ਸਮਾਜ ਦੀਆਂ ਊੁਣਤਾਈਆਂ 'ਤੇ ਉਂਗਲ ਰੱਖਦੀ ਤਿੱਖੀ ਧੁੱਪ ਵੀ ਮਹਿਸੂਸ ਹੁੰਦੀ ਹੈ। ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਰਾਣਾ ਰਣਬੀਰ ਦੀ ਕਾਵਿ ਖੇਤਰ 'ਚ ਆਮਦ ਸਵਾਗਤਯੋਗ ਹੈ। ਅਖੀਰ ਵਿੱਚ ਰਾਣਾ ਰਣਬੀਰ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਿਲਮੀ ਰੁਝੇਵਿਆਂ ਕਾਰਨ ਇਸ ਪੁਸਤਕ ਦੇ ਤਿਆਰ ਹੋਣ 'ਚ ਤਕਰੀਬਨ ਚਾਰ ਵਰ੍ਹੇ ਲੱਗ ਗਏ। ਉਸ ਨੇ ਦੱਸਿਆ ਕਿ ਉਸ ਨੇ ਕਲਾ ਦੇ ਖੇਤਰ 'ਚ ਕਵਿਤਾ ਨਾਲ ਹੀ ਪੈਰ ਰੱਖਿਆ ਸੀ।