ਬੇਸ਼ੱਕ ਪੰਜਾਬੀ ਫਿਲਮ ਇੰਡਸਟਰੀ ਦੇ ਪੁਨਰ ਸੁਰਜੀਤ ਹੋਣ ਜਾਂ ਸੁਨਹਿਰੀ ਯੁੱਗ ਸ਼ੁਰੂ ਹੋਣ ਦੇ ਕਿਆਫੇ ਲਗਾਏ ਜਾ ਰਹੇ ਹਨ ਪਰ ਪੰਜਾਬੀ ਸਿਨੇਮਾ ਅਜੇ ਵੀ ਆਮ ਜਨਜੀਵਨ ਤੋਂ ਕੋਹਾਂ ਦੂਰ ਰਹਿ ਕੇ ਕਾਲਜਾਂ ਵਿੱਚ ਮੁੰਡਿਆਂ-ਕੁੜੀਆਂ ਨੂੰ ਆਸ਼ਕੀ ਦੇ ਪਾਠ ਪੜ੍ਹਾਉਣ, ਅਧਿਆਪਕਾਂ ਨੂੰ ਮਜ਼ਾਕ ਦੇ ਪਾਤਰ ਬਣਾਉਣ ਜਾਂ ਫਿਰ ਦੋਹਰੀ ਭੱਦੀ ਸ਼ਬਦਾਵਲੀ ਵਾਲੇ ਸੰਵਾਦ ਘੜ੍ਹਨ ਵਿੱਚ ਹੀ ਬੁਰੀ ਤਰ੍ਹਾਂ ਉਲਝਿਆ ਹੋਇਆ ਹੈ। ਪੰਜਾਬੀ ਫਿਲਮਾਂ ਦੇ ਨਾਂ 'ਤੇ ਪਰੋਸੀ ਜਾਂਦੀ ਹਲਕੇ ਪੱਧਰ ਦੀ ਸ਼ਬਦਾਵਲੀ ਤੋਂ ਤੰਗ ਆ ਕੇ ਲੋਕਾਂ ਨੇ ਆਪਣੇ ਪੱਧਰ 'ਤੇ ਹੀ ਮੋਰਚੇ ਖੋਲ੍ਹਣੇ ਸ਼ੁਰੂ ਕਰ ਲਏ ਹਨ। ਜਿਸ ਦੇ ਸਿੱਟੇ ਵਜੋਂ ਪਰਿਵਾਰਕ ਫਿਲਮ ਵਜੋਂ ਪ੍ਰਚਾਰੀ ਗਈ ਫਿਲਮ 'ਸਿਰਫਿਰੇ' ਦੇ ਨਾਇਕ ਪ੍ਰੀਤ ਹਰਪਾਲ ਨੂੰ ਮਾਫੀ ਮੰਗਣੀ ਪਈ।
ਕੈਨੇਡਾ ਤੋਂ ਪ੍ਰਸਾਰਿਤ ਹੁੰਦੇ ਰੇਡੀਓ 'ਦਿਲ ਆਪਣਾ ਪੰਜਾਬੀ' ਦੇ ਹਾਲੈਂਡ ਸਟੂਡੀਓ ਦੇ ਪ੍ਰਜੈਂਟਰ ਹਰਜੋਤ ਸਿੰਘ ਸੰਧੂ ਵੱਲੋਂ ਇਸ ਫਿਲਮ ਵਿੱਚ ਅਸ਼ਲੀਲ ਸ਼ਬਦਾਵਲੀ ਸੰਬੰਧੀ ਉਠਾਏ ਸਵਾਲਾਂ ਤੋਂ ਬਾਅਦ ਪ੍ਰੀਤ ਹਰਪਾਲ ਨੂੰ ਫਿਲਮ ਵਿੱਚ ਭੱਦੀ ਸ਼ਬਦਾਵਲੀ ਦੇ ਵਰਤੇ ਜਾਣ ਸੰਬੰਧੀ ਸਪਸ਼ਟੀਕਰਨ ਦੇਣ ਲਈ ਲੋਕਾਂ ਅੱਗੇ ਜਵਾਬਦੇਹ ਹੋਣਾ ਪਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਫਿਲਮ ਦੀ ਟੀਮ ਦਾ ਇੱਕ ਹਿੱਸਾ ਮਾਤਰ ਸਨ ਪਰ ਫਿਰ ਵੀ ਇਸ ਫਿਲਮ ਰਾਹੀਂ ਆਪਣੇ ਕਿਰਦਾਰ 'ਤੇ ਲੱਗੇ ਦਾਗ ਨੂੰ ਮਿਟਾਉਣ ਲਈ ਪੰਜਾਬੀ ਭਾਈਚਾਰੇ ਤੋਂ ਮੁਆਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਇਸ ਗਲਤੀ ਨੂੰ ਦਰੁੱਸਤ ਕਰਨ ਲਈ ਉਹ ਭਵਿੱਖ ਵਿਚ ਆਪਣੀ ਫਿਲਮ ਜ਼ਰੂਰ ਬਣਾਉਣਗੇ। ਲਗਭਗ ਅੱਧਾ ਘੰਟਾ ਚੱਲੀ ਗੱਲਬਾਤ ਦੌਰਾਨ ਉਨ੍ਹਾਂਂ ਕਿਹਾ ਕਿ ਉਨ੍ਹਾਂਂ ਨੂੰ ਫਿਲਮੀ ਖੇਤਰ ਦਾ ਤਜ਼ਰਬਾ ਨਾ ਹੋਣ ਕਾਰਨ ਉਨ੍ਹਾਂ ਨੇ ਹੀ ਫਿਲਮ ਦੀ ਕਹਾਣੀ ਬਿਨਾਂ ਪੜ੍ਹੇ ਹੀ ਸਮਝੌਤੇ 'ਤੇ ਦਸਤਖਤ ਕਰ ਦਿੱਤੇ ਸਨ। ਜਿੱਥੇ ਇਸ ਫਿਲਮ ਸੰਬੰਧੀ ਪਰਿਵਾਰਾਂ ਸਮੇਤ ਫਿਲਮ ਦੇਖਣ ਪਹੁੰਚ ਕੇ ਸ਼ਰਮਸ਼ਾਰ ਹੋਏ ਲੋਕਾਂ ਵਿੱਚ ਰੋਹ ਪਾਇਆ ਜਾ ਰਿਹਾ ਹੈ ਉੱਥੇ ਸੁਹਿਰਦ ਪੰਜਾਬੀਆਂ ਨੇ ਪ੍ਰੀਤ ਹਰਪਾਲ ਵੱਲੋਂ ਰੇਡੀਓ ਪ੍ਰੋਗ੍ਰਾਮ ਵਿੱਚ ਸ਼ਾਮਿਲ ਹੋ ਕੇ ਜਨਤਕ ਤੌਰ 'ਤੇ ਮਾਫੀ ਮੰਗਣ ਦੇ ਕਦਮ ਦੀ ਸ਼ਲਾਘਾ ਵੀ ਕੀਤੀ।
(ਮਨਦੀਪ ਖੁਰਮੀ ਹਿੰਮਤਪੁਰਾ)