ਪੰਜਾਬ ਵਿੱਚ ਇਹਨੀਂ ਦਿਨੀਂ ਵੱਖ-ਵੱਖ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਦਾ ਮਾਹੌਲ ਪੂਰੀ ਤਰਾਂ ਭਖਿਆ ਹੋਇਆ ਹੈ। ਇਹਨਾਂ ਹੀ ਫ਼ਿਲਮਾਂ ਵਿੱਚੋਂ ਇੱਕ ਹੈ 'ਚੱਕ ਦੇ ਫ਼ੱਟੇ' ਅਤੇ 'ਕੈਰੀ ਆਨ ਜੱਟਾ' ਫ਼ੇਮ ਨਿਰਦੇਸ਼ਕ ਸਮੀਪ ਕੰਗ ਦੁਆਰਾ ਨਿਰਦੇਸ਼ਤ ਕੀਤੀ ਜਾ ਰਹੀ ਫ਼ਿਲਮ 'ਲੱਕੀ ਦੀ ਅਨਲੱਕੀ ਸਟੋਰੀ'। ਗਾਇਕ ਤੇ ਨਾਇਕ ਗਿੱਪੀ ਗਰੇਵਾਲ ਦੇ ਘਰੇਲੂ ਬੈਨਰ 'ਗੁਰਫ਼ਤਹਿ ਫ਼ਿਲਮਜ਼' ਦੁਆਰਾ ਤਿਆਰ ਕੀਤੀ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਸਿੱਪੀ ਗਰੇਵਾਲ, ਸੈਮੀ ਧਾਲੀਵਾਲ, ਨਿਤਿਨ ਤਲਵਾਰ, ਪੁਸ਼ਪਿੰਦਰ ਹੈਪੀ ਅਤੇ ਇਲਾਹੀ ਬ੍ਰਦਰਜ਼ ਹਨ। ਸਮੀਪ ਕੰਗ ਦੁਆਰਾ ਰਚਿਤ ਇਸ ਫ਼ਿਲਮ ਦੀ ਕਹਾਣੀ ਦੇ ਸੰਵਾਦ ਇੱਕ ਵਾਰ ਫਿਰ 'ਚੱਕ ਦੇ ਫ਼ੱਟੇ' ਅਤੇ 'ਕੈਰੀ ਆਨ ਜੱਟਾ' ਨਾਲ ਚਰਚਿਤ ਹੋਏ ਗਿੱਦੜਬਾਹਾ ਦੇ ਜੰਮਪਲ ਨਰੇਸ਼ ਕਥੂਰੀਆ ਦੁਆਰਾ ਹੀ ਲਿਖੇ ਗਏ ਹਨ। ਫ਼ਿਲਮ ਦਾ ਨਾਇਕ ਗਿੱਪੀ ਗਰੇਵਾਲ ਹੈ ਤੇ ਉਸ ਨਾਲ ਹੀਰੋਇਨ ਵਜੋਂ ਉੱਘੀ ਅਦਾਕਾਰਾ ਸੁਰਵੀਨ ਚਾਵਲਾ ਦਰਸ਼ਕਾਂ ਨੂੰ ਨਜ਼ਰੀਂ ਆਵੇਗੀ। ਬਾਕੀ ਦੇ ਅਦਾਕਾਰਾਂ ਵਿੱਚ ਖ਼ੁਦ ਸਮੀਪ ਕੰਗ, ਸਮੀਕਸ਼ਾ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ, ਵਿਜੇ ਟੰਡਨ, ਹਰਿੰਦਰ ਭੁੱਲਰ, ਗੌਰੀ, ਪ੍ਰੀਤੀ, ਸ਼ਵੇਤਾ ਅਤੇ ਰੁਬੀਨਾ ਸ਼ਾਮਲ ਹਨ। ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ਼ ਵੀ ਇਸ ਫ਼ਿਲਮ ਰਾਹੀਂ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿੱਚ ਆਪਣੀ ਅਦਾਕਾਰੀ ਦੇ ਜਾਹੋ-ਜਲਾਲ ਦਿਖਾਉਂਦਾ ਨਜ਼ਰ ਆਵੇਗਾ ਇਸ ਤੋਂ ਇਲਾਵਾ ਮਹਿਮਾਨ ਭੂਮਿਕਾ ਵਿੱਚ ਗਾਇਕ ਰੋਸ਼ਨ ਪ੍ਰਿੰਸ ਨੇ ਵੀ ਅਦਾਕਾਰੀ ਦੇ ਰੰਗ ਭਰੇ ਹਨ।
ਡਿਜੀਟਲ ਤਕਨੀਕ ਦੁਆਰਾ ਫ਼ਿਲਮਾਈ ਜਾ ਰਹੀ ਇਸ ਫ਼ਿਲਮ ਦਾ ਫ਼ਿਲਮਾਂਕਣ 'ਮਿਰਜ਼ਾ' ਅਤੇ 'ਬੈਸਟ ਆਫ਼ ਲੱਕ' ਫ਼ੇਮ ਹਾਲੀਵੁੱਡ ਕੈਮਰਾਮੈਨ ਟੌਬੀ ਗੋਰਮੈਨ ਨੇ ਕੀਤਾ ਹੈ ਤੇ ਨ੍ਰਿਤ ਨਿਰਦੇਸ਼ਕ ਦੀ ਜ਼ਿੰਮੇਵਾਰੀ ਸ਼ਾਕਾ ਨੇ ਨਿਭਾਈ ਹੈ। ਫ਼ਿਲਮ ਨੂੰ ਸੰਗੀਤਕ ਰੰਗਤ ਨਾਲ ਪ੍ਰਸਿੱਧ ਸੰਗੀਤ ਨਿਰਦੇਸ਼ਕ ਜਤਿੰਦਰ ਸ਼ਾਹ ਨੇ ਰੰਗਿਆ ਹੈ ਤੇ ਇਸ ਵਿਚਲੇ ਐਕਸ਼ਨ ਦ੍ਰਿਸ਼ ਉੱਘੇ ਐਕਸ਼ਨ ਨਿਰਦੇਸ਼ਕ ਮੋਹਨ ਬੱਗੜ ਦੁਆਰਾ ਫ਼ਿਲਮਾਏ ਗਏ ਹਨ। ਫ਼ਿਲਮ ਦੀ ਸਟਿੱਲ ਫ਼ੋਟੋਗ੍ਰਾਫ਼ੀ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫ਼ੋਟੋਗ੍ਰਾਫ਼ਰ ਹਰਜੀਤ ਸਿੰਘ ਦੁਆਰਾ ਕੀਤੀ ਗਈ ਹੈ ਤੇ ਕਲਾਕਾਰਾਂ ਨੂੰ ਰੰਗ-ਬਿਰੰਗੀਆਂ ਤੇ ਖ਼ੂਬਸੂਰਤ ਪੁਸ਼ਾਕਾਂ ਪਹਿਨਾਉਣ ਦਾ ਕੰਮ ਸ੍ਰੀਮਤੀ ਹਰਪ੍ਰੀਤ ਕੌਰ ਸੰਧੂ ਦੇ ਜ਼ਿੰਮੇ ਆਇਆ ਹੈ। ਆਰਟ ਡਾਇਰੈਕਸ਼ਨ ਦਾ ਮਹੱਤਵਪੂਰਨ ਕੰਮ ਬਾਲੀਵੁੱਡ ਦੇ ਉੱਘੇ ਆਰਟ ਡਾਇਰੈਕਟਰ ਸੁਨੀਲ ਸਿੰਘ ਦੁਆਰਾ ਨੇਪਰੇ ਚਾੜ੍ਹਿਆ ਜਾ ਰਿਹਾ ਹੈ।
ਫ਼ਿਲਮ ਦੀ ਸ਼ੂਟਿੰਗ ਕਵਰ ਕਰਨ ਲਈ ਜਦੋਂ ਅਸੀਂ ਅਜੀਤਗੜ੍ਹ ਸਥਿਤ ਸੈਕਟਰ 66 ਵਿਖੇ ਪਹੁੰਚੇ ਤਾਂ ਉੱਥੇ ਫ਼ਿਲਮ ਦਾ ਕਲਾਈਮੈਕਸ ਦ੍ਰਿਸ਼ ਫ਼ਿਲਮਾਏ ਜਾਣ ਦੀ ਤਿਆਰੀ ਹੋ ਰਹੀ ਸੀ। ਨਿਰਦੇਸ਼ਕ ਸਮੀਪ ਕੰਗ ਅਦਾਕਾਰ ਗਿੱਪੀ ਗਰੇਵਾਲ, ਸੁਰਵੀਨ ਚਾਵਲਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਬੀਨੂੰ ਢਿੱਲੋਂ ਨੂੰ ਦ੍ਰਿਸ਼ ਸਮਝਾ ਰਹੇ ਸਨ। ਓਧਰ ਦੂਜੇ ਪਾਸੇ ਮੋਨੀਟਰ 'ਤੇ ਸਹਾਇਕ ਨਿਰਦੇਸ਼ਕ ਵਿਕਰਮ ਗਰੋਵਰ ਇਸ ਦ੍ਰਿਸ਼ ਦੀ ਪੂਰੀ ਰਿਹਰਸਲ ਨੂੰ ਦੇਖ ਰਹੇ ਸਨ। ਫ਼ਿਲਮਾਏ ਜਾਣ ਵਾਲੇ ਇਸ ਦ੍ਰਿਸ਼ ਬਾਰੇ ਪੁੱਛਣ 'ਤੇ ਸਮੀਪ ਕੰਗ ਹੁਰਾਂ ਦੱਸਿਆ ਕਿ ਇਹ ਫ਼ਿਲਮ ਦਾ ਬਹੁਤ ਹੀ ਦਿਲਚਸਪ ਤੇ ਆਖਰੀ ਦ੍ਰਿਸ਼ ਫ਼ਿਲਮਾਇਆ ਜਾ ਰਿਹਾ ਹੈ ਜਿਸ ਵਿੱਚ ਕੁਝ ਗ਼ਲਤਫ਼ਹਿਮੀਆਂ ਦੂਰ ਹੁੰਦੀਆਂ ਹਨ ਤੇ ਫ਼ਿਲਮ ਇੱਕ ਸੁਖਦ ਅੰਤ ਵੱਲ ਵਧਦੀ ਹੈ। ਫ਼ਿਲਮ ਦੀ ਕਹਾਣੀ ਬਾਰੇ ਪੁੱਛਣ 'ਤੇ ਸਮੀਪ ਨੇ ਦੱਸਿਆ ਕਿ 'ਕੈਰੀ ਆਨ ਜੱਟਾ' ਵਾਂਗ ਇਹ ਵੀ ਇੱਕ ਕਾਮੇਡੀ ਫ਼ਿਲਮ ਹੈ ਜਿਸਦੇ ਹਰ ਇੱਕ ਸੰਵਾਦ ਵਿੱਚ ਕਾਮੇਡੀ ਹੈ ਤੇ ਇਹ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਫ਼ਿਲਮ ਰਾਹੀਂ ਉਹ ਆਪਣੀ ਪਿਛਲੀ ਕਾਮੇਡੀ ਫ਼ਿਲਮ 'ਕੈਰੀ ਆਨ ਜੱਟਾ' ਤੋਂ ਦੋ ਕਦਮ ਅੱਗੇ ਜਾਣ ਦੀ ਕੋਸ਼ਿਸ਼ ਕਰਨਗੇ।
ਗਿੱਪੀ ਗਰੇਵਾਲ ਨੂੰ ਇਸ ਫ਼ਿਲਮ ਬਾਰੇ ਪੁੱਛਣ 'ਤੇ ਉਸਨੇ ਦੱਸਿਆ ਕਿ ਉਹ ਇਹ ਫ਼ਿਲਮ ਕਰਕੇ ਬਹੁਤ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ ਕਿਉਂਕਿ ਇਸ ਟੀਮ ਨੇ 'ਕੈਰੀ ਆਨ ਜੱਟਾ' ਵਰਗੀ ਸੁਪਰ-ਡੁਪਰ ਹਿੱਟ ਫ਼ਿਲਮ ਦਿੱਤੀ ਹੈ ਇਸ ਲਈ ਉਹ ਇੱਕ ਵਾਰ ਫਿਰ ਇਸ ਫ਼ਿਲਮ ਰਾਹੀਂ ਉਸੇ ਸਫ਼ਲਤਾ ਨੂੰ ਦੁਹਰਾਉਣ ਲਈ ਯਤਨ ਕਰਨਗੇ। ਅਦਾਕਾਰਾ ਸੁਰਵੀਨ ਚਾਵਲਾ ਨੇ ਕਿਹਾ ਕਿ ਉਹ ਬੇਹੱਦ ਖ਼ੁਸ਼ ਤੇ ਉਤਸ਼ਾਹਤ ਹੈ ਕਿਉਂਕਿ ਇਸ ਫ਼ਿਲਮ ਰਾਹੀਂ ਉਹ 'ਕੈਰੀ ਆਨ ਜੱਟਾ' ਜਿਹੀ ਬਲਾਕਬਸਟਰ ਫ਼ਿਲਮ ਦੀ ਟੀਮ ਨਾਲ ਜੁੜੀ ਹੈ। ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਤੇ ਬੀਨੂੰ ਢਿੱਲੋਂ ਦੀ ਤਿੱਕੜੀ ਨੇ ਇਸ ਫ਼ਿਲਮ ਨੂੰ 'ਕੈਰੀ ਆਨ ਜੱਟਾ' ਵਾਂਗ ਹੀ ਆਪਣੀ ਜ਼ਿੰਦਗੀ ਦੀ ਇੱਕ ਬੇਹਤਰੀਨ ਫ਼ਿਲਮ ਕਿਹਾ ਜਿਸ ਵਿੱਚ ਕੰਮ ਕਰਕੇ ਉਹਨਾਂ ਨੂੰ ਬਤੌਰ ਅਦਾਕਾਰ ਸੰਤੁਸ਼ਟੀ ਤੇ ਖ਼ੁਸ਼ੀ ਹੋਈ ਹੈ।
ਪੂਰੀ ਫ਼ਿਲਮ ਚੰਡੀਗੜ੍ਹ, ਜ਼ੀਰਕਪੁਰ, ਮੁੰਬਈ ਅਤੇ ਵਿਦੇਸ਼ੀ ਲੋਕੇਸ਼ਨਾ ਉੱਪਰ ਫ਼ਿਲਮਾਈ ਜਾਵੇਗੀ ਜੋ ਨਵੰਬਰ ਦੇ ਅਖੀਰ ਤੱਕ ਮੁਕੰਮਲ ਹੋ ਜਾਵੇਗੀ। ਇਸ ਉਪਰੰਤ ਤਕਨੀਕੀ ਕੰਮ ਖ਼ਤਮ ਕਰਕੇ ਉਮੀਦ ਹੈ ਕਿ ਅਗਲੇ ਵਰ੍ਹੇ ਦੇ ਮਈ ਮਹੀਨੇ ਤੱਕ ਇਹ ਦਰਸ਼ਕਾਂ ਨੂੰ ਸਿਨੇਮਾਘਰਾਂ ਵਿੱਚ ਦੇਖਣ ਨੂੰ ਮਿਲੇਗੀ।
ਹਰਮਿੰਦਰ ਢਿੱਲੋਂ ਮੌ ਸਾਹਿਬ